Yarra Valley Water

Menu

Yarra Valley Water

Close menu

ਹਰ ਰੋਜ਼ ਸੁਰੱਖਿਅਤ, ਸਾਫ਼ ਅਤੇ ਭਰੋਸੇਯੋਗ ਪਾਣੀ

ਅਸੀਂ ਹਰ ਰੋਜ਼ ਸੁਰੱਖਿਅਤ, ਸਾਫ਼ ਅਤੇ ਭਰੋਸੇਯੋਗ ਪਾਣੀ ਮੁਹੱਈਆ ਕਰਵਾ ਕੇ ਆਪਣੇ ਗਾਹਕਾਂ ਅਤੇ ਭਾਈਚਾਰਿਆਂ ਦੀ ਦੇਖਭਾਲ ਕਰਨ ਲਈ ਵਚਨਬੱਧ ਹਾਂ। 

2024-25 ਵਿੱਚ, ਅਸੀਂ 160 ਬਿਲੀਅਨ ਲੀਟਰ ਤੋਂ ਵੱਧ ਉੱਚ-ਗੁਣਵੱਤਾ ਵਾਲਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ। ਪਾਣੀ ਦੀ ਹਰ ਬੂੰਦ ਸਾਡੇ 'ਆਸਟ੍ਰੇਲੀਅਨ ਡਰਿੰਕਿੰਗ ਵਾਟਰ ਗਾਈਡਲਾਈਨਜ਼' (Australian Drinking Water Guidelines) 'ਤੇ ਖਰੀ ਉਤਰੀ, ਜੋ ਕਿ ਸੁਰੱਖਿਅਤ ਅਤੇ ਉੱਚ-ਗੁਣਵੱਤਾ ਵਾਲੇ ਪੀਣ ਯੋਗ ਪਾਣੀ ਲਈ ਸਾਡਾ ਰਾਸ਼ਟਰੀ ਮਿਆਰ ਹੈ।

ਅਸੀਂ ਸਮਝਦੇ ਹਾਂ ਕਿ ਪੀਣ ਵਾਲੇ ਪਾਣੀ ਬਾਰੇ ਤੁਹਾਡੇ ਅਨੁਭਵ ਵੱਖ-ਵੱਖ ਹੋ ਸਕਦੇ ਹਨ, ਜੋ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਰਹੇ ਹੋ। ਮੈਲਬੌਰਨ ਵਿੱਚ, ਟੂਟੀ ਦਾ ਪਾਣੀ ਸਿੱਧਾ ਟੂਟੀ ਤੋਂ ਪੀਣ ਲਈ ਸੁਰੱਖਿਅਤ ਹੈ। ਜੇਕਰ ਤੁਸੀਂ ਚਾਹੋ ਤਾਂ ਤੁਸੀਂ ਅਜੇ ਵੀ ਇਸਨੂੰ ਉਬਾਲਣ ਜਾਂ ਫਿਲਟਰ ਕਰਨ ਦੀ ਚੋਣ ਕਰ ਸਕਦੇ ਹੋ, ਪਰ ਸੁਰੱਖਿਆ ਲਈ ਅਜਿਹਾ ਕਰਨਾ ਜ਼ਰੂਰੀ ਨਹੀਂ ਹੈ। 

ਆਪਣੇ ਇਲਾਕੇ ਵਿੱਚ ਪਾਣੀ ਦੀ ਗੁਣਵੱਤਾ ਦੇ ਨਤੀਜੇ ਵੇਖੋ 

ਅਸੀਂ ਤੁਹਾਡੇ ਪਾਣੀ ਨੂੰ ਕਿਵੇਂ ਸੁਰੱਖਿਅਤ ਰੱਖਦੇ ਹਾਂ? 

ਤੁਹਾਡੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਪਾਣੀ ਨੂੰ ਸ਼ੁੱਧ ਕਰਨ ਦੀਆਂ ਕਈ ਪ੍ਰਕਿਰਿਆਵਾਂ ਵਿੱਚੋਂ ਲੰਘਾਇਆ ਜਾਂਦਾ ਹੈ।

ਅਸੀਂ ਹਾਨੀਕਾਰਕ ਕੀਟਾਣੂਆਂ ਨੂੰ ਖ਼ਤਮ ਕਰਨ ਲਈ ਪਾਣੀ ਨੂੰ ਰੋਗਾਣੂ-ਮੁਕਤ ਕਰਦੇ ਹਾਂ। ਅਸੀਂ ਲੋੜ ਪੈਣ 'ਤੇ ਪਾਣੀ ਵਿੱਚੋਂ ਮਿੱਟੀ ਅਤੇ ਹੋਰ ਕਣਾਂ ਨੂੰ ਹਟਾਉਣ ਲਈ ਇਸਨੂੰ ਫਿਲਟਰ ਵੀ ਕਰਦੇ ਹਾਂ। ਇਹ ਕਦਮ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਤੁਹਾਡੀ ਟੂਟੀ ਤੋਂ ਆਉਣ ਵਾਲਾ ਪਾਣੀ ਸਾਫ਼ ਅਤੇ ਪੀਣ ਲਈ ਸੁਰੱਖਿਅਤ ਹੈ। 

ਅਸੀਂ ਨਿਯਮਿਤ ਤੌਰ 'ਤੇ ਤੁਹਾਡੇ ਪਾਣੀ ਦੀ ਜਾਂਚ ਕਰਦੇ ਹਾਂ 

ਸਾਡੀ ਲੈਬ ਟੀਮ ਗਾਹਕਾਂ ਦੀਆਂ ਜਾਇਦਾਦਾਂ 'ਤੇ ਲੱਗੀਆਂ 1,200 ਤੋਂ ਵੱਧ ਨਮੂਨਾ ਲੈਣ ਲੱਗੀਆਂ ਟੂਟੀਆਂ ਤੋਂ ਹਰ ਸਾਲ 63,000 ਤੋਂ ਵੱਧ ਟੈਸਟ ਕਰਦੀ ਹੈ।

ਅਸੀਂ ਸੂਖ਼ਮਜੀਵੀ ਬੈਕਟੀਰੀਆ, ਰਸਾਇਣਾਂ, ਭੌਤਿਕ ਮਾਪਦੰਡਾਂ ਅਤੇ ਹੋਰ ਪਦਾਰਥਾਂ ਦੀ ਜਾਂਚ ਕਰਦੇ ਹਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੁਰੱਖਿਅਤ ਪਾਣੀ ਸਿੱਧਾ ਤੁਹਾਡੀ ਟੂਟੀ ਤੱਕ ਪਹੁੰਚੇ – ਜਿਸ ਨੂੰ ਤੁਸੀਂ ਹਰ ਵਾਰ ਪੂਰੇ ਭਰੋਸੇ ਨਾਲ ਪੀ ਸਕੋ।

ਤੁਹਾਡਾ ਪਾਣੀ ਕਿੱਥੋਂ ਆਉਂਦਾ ਹੈ? 

ਸਾਡਾ ਜ਼ਿਆਦਾਤਰ ਪੀਣ ਵਾਲਾ ਪਾਣੀ ਸੁਰੱਖਿਅਤ ਕੈਚਮੈਂਟਾਂ (ਜਲ-ਗ੍ਰਹਿਣ ਖੇਤਰਾਂ) ਤੋਂ ਆਉਂਦਾ ਹੈ।

ਇਹ ਕੁਦਰਤੀ ਖੇਤਰ ਹਨ ਜਿੱਥੇ ਅਸੀਂ ਮੀਂਹ ਦਾ ਪਾਣੀ ਇਕੱਠਾ ਕਰਦੇ ਹਾਂ ਅਤੇ ਇਹ ਆਮ ਲੋਕਾਂ ਲਈ ਬੰਦ ਹਨ। ਇਸ ਨਾਲ ਪਾਣੀ ਨੂੰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ। ਜਦੋਂ ਪਾਣੀ ਜਲ ਭੰਡਾਰਾਂ ਵਿੱਚ ਪਹੁੰਚਦਾ ਹੈ, ਤਾਂ ਇਹ ਕੁਦਰਤੀ ਤੌਰ 'ਤੇ ਫਿਲਟਰ ਹੋ ਜਾਂਦਾ ਹੈ, ਇਸ ਲਈ ਪੀਣ ਵਾਲੇ ਪਾਣੀ ਦੇ ਮਿਆਰਾਂ ਨੂੰ ਪੂਰਾ ਕਰਨ ਲਈ ਇਸਨੂੰ ਘੱਟ ਸ਼ੁੱਧੀਕਰਨ ਦੀ ਲੋੜ ਪੈਂਦੀ ਹੈ।  

ਜੇਕਰ ਤੁਹਾਡਾ ਪਾਣੀ ਵੱਖਰਾ ਦਿਖਾਈ ਦਿੰਦਾ ਹੈ, ਸੁਆਦ ਜਾਂ ਮਹਿਕ ਵਿੱਚ ਵੱਖਰਾ ਲੱਗੇ 

ਕਦੇ-ਕਦੇ, ਤੁਹਾਡੀ ਟੂਟੀ ਦਾ ਪਾਣੀ ਦਿੱਖ, ਸੁਆਦ ਜਾਂ ਮਹਿਕ ਵਿੱਚ ਥੋੜ੍ਹਾ ਵੱਖਰਾ ਲੱਗ ਸਕਦਾ ਹੈ। ਇਹ ਆਮ ਤੌਰ 'ਤੇ ਅਸਥਾਈ ਹੁੰਦਾ ਹੈ ਅਤੇ ਤੁਹਾਡੇ ਪੀਣ ਵਾਲੇ ਪਾਣੀ ਦੀ ਸੁਰੱਖਿਆ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ।

ਅਜਿਹੀਆਂ ਤਬਦੀਲੀਆਂ ਰੱਖ-ਰਖਾਅ ਦੇ ਕੰਮਾਂ, ਮੁਰੰਮਤ, ਪਾਈਪ ਫਟਣ, ਪਾਣੀ ਦੇ ਵਹਾਅ ਵਿੱਚ ਤਬਦੀਲੀ ਜਾਂ ਕਿਸੇ ਹੋਰ ਸਰੋਤ ਤੋਂ ਪਾਣੀ ਦੀ ਸਪਲਾਈ ਹੋਣ ਕਾਰਨ ਹੋ ਸਕਦੀਆਂ ਹਨ। ਜ਼ਿਆਦਾਤਰ ਸਮੱਸਿਆਵਾਂ ਆਪਣੇ ਆਪ ਹੀ ਜਲਦੀ ਹੱਲ ਹੋ ਜਾਂਦੀਆਂ ਹਨ।

ਜੇਕਰ ਕਦੇ ਤੁਹਾਡੇ ਪੀਣ ਵਾਲੇ ਪਾਣੀ ਦੀ ਸੁਰੱਖਿਆ ਲਈ ਕੋਈ ਖ਼ਤਰਾ ਹੋਵੇ, ਤਾਂ ਅਸੀਂ ਪ੍ਰਭਾਵਿਤ ਗਾਹਕਾਂ ਨਾਲ ਤੁਰੰਤ ਸੰਪਰਕ ਕਰਾਂਗੇ। ਇਹ ਪਾਣੀ ਦੀ ਗੁਣਵੱਤਾ ਨਾਲ ਸੰਬੰਧਿਤ ਘਟਨਾਵਾਂ ਅਤੇ ਗਾਹਕਾਂ ਨੂੰ ਸੂਚਿਤ ਕਰਨ ਲਈ Yarra Valley Water (ਯਾਰਾ ਵੈਲੀ ਵਾਟਰ) ਦੀ ਪ੍ਰਕਿਰਿਆ ਦੇ ਅਨੁਸਾਰ ਹੈ। 

ਧੁੰਦਲਾ ਜਾਂ ਦੁੱਧ ਵਰਗਾ ਦਿਖਾਈ ਦੇਣ ਵਾਲਾ ਪਾਣੀ 

ਧੁੰਦਲਾ ਜਾਂ ਦੁੱਧੀਆ ਦਿਖਾਈ ਦੇਣ ਵਾਲਾ ਪਾਣੀ ਆਮ ਤੌਰ 'ਤੇ ਪਾਣੀ ਵਿੱਚ ਮੌਜੂਦ ਹਵਾ ਦੇ ਬਹੁਤ ਹੀ ਬਰੀਕ ਬੁਲਬੁਲਿਆਂ ਕਾਰਨ ਹੁੰਦਾ ਹੈ।

ਇਹ ਪਾਣੀ ਦੀ ਮੁੱਖ ਪਾਈਪ ਦੀ ਮੁਰੰਮਤ, ਰੱਖ-ਰਖਾਅ ਦੇ ਕੰਮ ਜਾਂ ਪਾਣੀ ਦੇ ਦਬਾਅ ਵਿੱਚ ਤਬਦੀਲੀ ਤੋਂ ਬਾਅਦ ਹੋ ਸਕਦਾ ਹੈ। ਹਾਲਾਂਕਿ ਇਹ ਅਸਾਧਾਰਨ ਦਿਖਾਈ ਦੇ ਸਕਦਾ ਹੈ, ਪਰ ਇਹ ਪਾਣੀ ਪੀਣ ਲਈ ਸੁਰੱਖਿਅਤ ਹੁੰਦਾ ਹੈ।

ਇਹ ਜਾਂਚਣ ਲਈ ਕਿ ਕੀ ਇਸ ਦਾ ਕਾਰਨ ਹਵਾ ਦੇ ਬੁਲਬੁਲੇ ਹਨ, ਇੱਕ ਸਾਫ਼ ਗਲਾਸ ਵਿੱਚ ਪਾਣੀ ਭਰੋ ਅਤੇ ਇਸਨੂੰ ਕੁੱਝ ਮਿੰਟਾਂ ਲਈ ਪਿਆ ਰਹਿਣ ਦਿਓ। ਜੇਕਰ ਪਾਣੀ ਹੇਠਾਂ ਤੋਂ ਉੱਪਰ ਵੱਲ ਸਾਫ਼ ਹੋਣਾ ਸ਼ੁਰੂ ਹੋ ਜਾਵੇ, ਤਾਂ ਇਸ ਦਾ ਮਤਲਬ ਹੈ ਕਿ ਧੁੰਦਲਾਪਣ ਹਵਾ ਦੇ ਬੁਲਬੁਲੇ ਨਿਕਲਣ ਕਾਰਨ ਸੀ। 

ਮਹਿਕ ਜਾਂ ਸੁਆਦ ਵਿੱਚ ਤਬਦੀਲੀ 

ਕਦੇ-ਕਦੇ, ਤੁਹਾਡੇ ਪਾਣੀ ਦੇ ਸੁਆਦ ਜਾਂ ਮਹਿਕ ਵਿੱਚ ਤਬਦੀਲੀ ਆ ਸਕਦੀ ਹੈ।

ਅਜਿਹਾ ਉਦੋਂ ਹੋ ਸਕਦਾ ਹੈ ਜਦੋਂ ਪਾਣੀ ਕਿਸੇ ਵੱਖਰੇ ਸਰੋਤ ਤੋਂ ਆਉਂਦਾ ਹੈ, ਜਾਂ ਪੀਣ ਵਾਲੇ ਪਾਣੀ ਨੂੰ ਨੈੱਟਵਰਕ ਰਾਹੀਂ ਸਫ਼ਰ ਦੌਰਾਨ ਸੁਰੱਖਿਅਤ ਰੱਖਣ ਲਈ ਵਰਤੀ ਜਾਂਦੀ ਕਲੋਰੀਨ ਦੀ ਥੋੜ੍ਹੀ ਮਾਤਰਾ ਕਾਰਨ।

ਹਾਲਾਂਕਿ ਸੁਆਦ ਬਦਲ ਸਕਦਾ ਹੈ, ਪਰ ਪਾਣੀ ਪੀਣ ਲਈ ਸੁਰੱਖਿਅਤ ਰਹਿੰਦਾ ਹੈ ਅਤੇ ਪੀਣ ਵਾਲੇ ਪਾਣੀ ਦੇ ਮਿਆਰਾਂ ਨੂੰ ਪੂਰਾ ਕਰਦਾ ਰਹਿੰਦਾ ਹੈ। 

ਗਾਰ 

ਕਈ ਵਾਰ ਪਾਣੀ ਵਿੱਚ ਕੁਦਰਤੀ ਤੌਰ 'ਤੇ ਮੌਜੂਦ ਬਰੀਕ ਕਣ ਪਾਣੀ ਦੇ ਵਹਾਅ ਵਿੱਚ ਤਬਦੀਲੀ ਕਾਰਨ ਉੱਪਰ ਆ ਸਕਦੇ ਹਨ, ਜਿਵੇਂ ਕਿ ਪਾਣੀ ਦੀ ਮੁੱਖ ਪਾਈਪ ਫਟਣ ਕਾਰਨ, ਲੀਕੇਜ ਜਾਂ ਰੱਖ-ਰਖਾਅ ਦੇ ਕੰਮ ਤੋਂ ਬਾਅਦ। ਇਸ ਕਾਰਨ ਪਾਣੀ ਦਾ ਰੰਗ ਬਦਲਿਆ ਹੋਇਆ ਦਿਖਾਈ ਦੇ ਸਕਦਾ ਹੈ ਜਾਂ ਗਲਾਸ, ਕੇਤਲੀ ਜਾਂ ਜੱਗ ਵਿੱਚ ਥੋੜ੍ਹੀ ਮਾਤਰਾ ਵਿੱਚ ਗਾਰ ਨਜ਼ਰ ਆ ਸਕਦੀ ਹੈ।

ਕੁੱਝ ਮਾਮਲਿਆਂ ਵਿੱਚ, ਪਾਣੀ ਦਾ ਰੰਗ ਬਦਲਣਾ ਤੁਹਾਡੀ ਜਾਇਦਾਦ ਦੇ ਅੰਦਰਲੀ ਪਲੰਬਿੰਗ, ਜਿਵੇਂ ਕਿ ਪੁਰਾਣੀਆਂ ਜਾਂ ਜੰਗ ਲੱਗੀਆਂ ਪਾਈਪਾਂ ਕਾਰਨ ਵੀ ਹੋ ਸਕਦਾ ਹੈ। ਸਭ ਤੋਂ ਪਹਿਲਾ ਕਦਮ ਇਹ ਹੈ ਕਿ ਕੁੱਝ ਮਿੰਟਾਂ ਲਈ ਠੰਡੇ ਪਾਣੀ ਦੀ ਟੂਟੀ ਚਲਾਓ। ਜੇਕਰ ਸਮੱਸਿਆ ਬਣੀ ਰਹਿੰਦੀ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਤਾਂ ਜੋ ਅਸੀਂ ਜਾਂਚ ਕਰ ਸਕੀਏ। 

ਜੇਕਰ ਤੁਹਾਨੂੰ ਆਪਣੀ ਜਾਇਦਾਦ 'ਤੇ ਪਾਣੀ ਦੀ ਗੁਣਵੱਤਾ ਬਾਰੇ ਕੋਈ ਚਿੰਤਾ ਹੈ, ਤਾਂ ਕਿਰਪਾ ਕਰਕੇ ਸਾਨੂੰ ਪੰਜਾਬੀ ਵਿੱਚ ਸਹਾਇਤਾ ਲਈ 9046 4173 'ਤੇ ਜਾਂ ਅੰਗਰੇਜ਼ੀ ਵਿੱਚ ਸਹਾਇਤਾ ਲਈ 1300 304 688 'ਤੇ ਕਾਲ ਕਰੋ।